ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਮਾਛੀਵਾੜਾ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਲਈ ਰਵਾਨਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ 

ਭਲਕੇ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਗਰ ਕੀਰਤਨ ਦੀ ਹੋਵੇਗੀ ਸੰਪੂਰਨਤਾ

ਅੰਮ੍ਰਿਤਸਰ, 22 ਨਵੰਬਰ- (The Hind Canadian Times) : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਮਾਛੀਵਾੜਾ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਲਈ ਰਵਾਨਾ ਹੋਇਆ। ਜ਼ਿਕਰਯੋਗ ਹੈ ਕਿ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ 21 ਅਗਸਤ 2025 ਨੂੰ ਆਰੰਭ ਹੋਇਆ ਇਹ ਸ਼ਹੀਦੀ ਨਗਰ ਕੀਰਤਨ ਦੇਸ਼ ਦੇ 24 ਸੂਬਿਆਂ ਤੋਂ ਹੁੰਦਾ ਹੋਇਆ ਕਰੀਬ ਤਿੰਨ ਮਹੀਨਿਆਂ ਮਗਰੋਂ ਭਲਕੇ 23 ਨਵੰਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜ ਕੇ ਸੰਪੰਨ ਹੋਵੇਗਾ।

ਇਸ ਮੌਕੇ ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਮਾਛੀਵਾੜਾਂ ਵਿਖੇ ਸਜੇ ਧਾਰਮਿਕ ਦੀਵਾਨ ਮੌਕੇ ਹਜ਼ੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸੰਗਤਾਂ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਇਤਿਹਾਸ ਦੀ ਸਾਂਝ ਪਾਈ। ਨਗਰ ਕੀਰਤਨ ਦੀ ਰਵਾਨਗੀ ਮੌਕੇ ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼ਸ਼ੋਭਿਤ ਕਰਨ ਦੀ ਸੇਵਾ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਨਿਭਾਈ। ਰਵਾਨਗੀ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ ਅਤੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ। ਰਸਤੇ ਵਿਚ ਵੱਖ ਵੱਖ ਪੜਾਵਾਂ ਤੇ ਸੰਗਤਾਂ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਅਵਤਾਰ ਸਿੰਘ ਰਿਆ, ਸ. ਹਰਪਾਲ ਸਿੰਘ ਜੱਲ੍ਹਾ, ਸ. ਰਣਜੀਤ ਸਿੰਘ ਮੰਗਲੀ, ਬੀਬੀ ਹਰਜਿੰਦਰ ਕੌਰ ਪੁਵਾਤ, ਹਲਕਾ ਇੰਚਾਰਜ ਸ. ਸਰਬਜੀਤ ਸਿੰਘ ਢਿੱਲੋਂ, ਮੀਤ ਸਕੱਤਰ ਸ. ਮਨਜੀਤ ਸਿੰਘ ਤਲਵੰਡੀ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਗੁਰਦੁਆਰਾ ਭੱਠਾ ਸਾਹਿਬ ਦੇ ਮੈਨੇਜਰ ਸ. ਜਸਵੀਰ ਸਿੰਘ, ਸੁਪਰਵਾਈਜ਼ਰ ਸ. ਲਾਲ ਸਿੰਘ, ਸ. ਸੁਖਰਾਜ ਸਿੰਘ ਤੇ ਸ. ਗੁਰਮੀਤ ਸਿੰਘ, ਗੁ: ਇੰਸਪੈਕਟਰ ਸ. ਰਣਜੀਤ ਸਿੰਘ, ਸ. ਸ਼ਰਨਜੀਤ ਸਿੰਘ ਤੇ ਸ. ਮਲਕੀਤ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।

Previous Post Next Post

نموذج الاتصال